ਕੋਈ ਗੈਂਗਸਟਰ ਨਾ ਚੜ੍ਹਿਆ ਜ਼ਿੰਦਗੀ ਦੀ ਟੀਸੀ

ਪੰਜਾਬ ਦਾ ਕੋਈ ਗੈਂਗਸਟਰ ਜ਼ਿੰਦਗੀ ਦੀ ਟੀਸੀ ’ਤੇ ਨਹੀਂ ਚੜ੍ਹ ਸਕਿਆ। ਉਮਰ ਦੇ ਚੌਥੇ ਦਹਾਕੇ ਤੋਂ ਪਹਿਲਾਂ ਹੀ ਬਹੁਤੇ ਗੈਂਗਸਟਰ ਜਹਾਨੋਂ ਰੁਖ਼ਸਤ ਹੋ ਜਾਂਦੇ ਹਨ। ਪੰਜਾਬ ਵਿੱਚ ਲੰਘੇ ਵਰ੍ਹਿਆਂ ਵਿੱਚ ਦਰਜਨਾਂ ਪੁਲੀਸ ਮੁਕਾਬਲੇ ਹੋਏ ਹਨ। ਪੁਲੀਸ ਰਿਪੋਰਟ ਅਨੁਸਾਰ ਪੰਜਾਬ ਵਿੱਚ 57 ਗੈਂਗ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਕਰੀਬ 423 ਗੈਂਗਸਟਰ ਸ਼ਾਮਲ ਹਨ। ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਰੀਬ 90 ਅਤੇ ਕਪੂਰਥਲਾ ਵਿੱਚ 68 ਗੈਂਗਸਟਰ ਹਨ। ਮੋਗਾ ਵਿੱਚ ਇਨ੍ਹਾਂ ਦੀ ਗਿਣਤੀ 40 ਦੱਸੀ ਜਾ ਰਹੀ ਹੈ।
ਗੈਂਗਸਟਰਾਂ ਦੇ ਸਿਕੰਦਰ ਵਜੋਂ ਜਾਣਿਆ ਜਾਂਦਾ ਵਿੱਕੀ ਗੌਂਡਰ ਉਮਰ ਦੇ 28 ਵਰ੍ਹੇ ਹੀ ਪੂਰੇ ਕਰ ਸਕਿਆ ਹੈ। ਗੈਂਗਸਟਰ ਜਸਵਿੰਦਰ ਰੌਕੀ ਫਾਜ਼ਿਲਕਾ ਵੀ ਜ਼ਿੰਦਗੀ ਦਾ ਚੌਥਾ ਦਹਾਕਾ ਪੂਰਾ ਨਹੀਂ ਸਕਿਆ ਸੀ। ‘ਸ਼ਾਰਪ ਸ਼ੂਟਰ’ ਵਜੋਂ ਜਾਣਿਆ ਜਾਂਦਾ ਦਵਿੰਦਰ ਬੰਬੀਹਾ 24 ਸਾਲ ਦੀ ਉਮਰ ਵਿੱਚ ਹੀ ਜ਼ਿੰਦਗੀ ਤੋਂ ਹੱਥ ਧੋ ਬੈਠਾ।
ਗੈਂਗਸਟਰ ਕਮਲਜੀਤ ਸਿੰਘ ਉਰਫ਼ ਬੰਟੀ ਢਿੱਲੋਂ 22 ਸਾਲ ਦੀ ਉਮਰ ਵਿੱਚ ਢੇਰ ਹੋ ਗਿਆ ਸੀ ਅਤੇ ਤੀਰਥ ਢਿੱਲਵਾਂ 26 ਸਾਲ ਦਾ ਸਫ਼ਰ ਹੀ ਪੂਰਾ ਕਰ ਸਕਿਆ। ਗੈਂਗਸਟਰ ਜਸਪ੍ਰੀਤ ਜੰਪੀ ਵੀ 27 ਵਰ੍ਹਿਆਂ ਵਿੱਚ ਮੌਤ ਦੇ ਮੂੰਹ ਜਾ ਪਿਆ ਜਦਕਿ ਸੁੱਖਾ ਕਾਹਲਵਾਂ ਵੀ 30 ਵਰ੍ਹਿਆਂ ਦੀ ਉਮਰ ਪੂਰੀ ਨਹੀਂ ਕਰ ਸਕਿਆ। ਬਠਿੰਡਾ ਵਿੱਚ ਸਾਲ 2012 ਵਿੱਚ ਪੁਲੀਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਸ਼ੇਰਾ ਖੁੱਬਣ ਦੀ ਉਮਰ ਵੀ 27 ਸਾਲ ਹੀ ਸੀ। ਗੁਲਾਬਗੜ੍ਹ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਪ੍ਰਭਦੀਪ ਸਿੰਘ ਅਤੇ ਮਨਪ੍ਰੀਤ ਦੀ ਉਮਰ ਵੀ 27 ਸਾਲਾਂ ਤੋਂ ਘੱਟ ਹੀ ਸੀ।