ਗੌਂਡਰ ਦੀ ਮਾਂ ਨੇ ਕਿਹਾ “ਮੇਰਾ ਤਾਂ ਪੁੱਤ ਤੁਰ ਗਿਆ, ਹੋਰਾਂ ਦੇ ਪੁੱਤ ਨਾ ਮਾਰੋ”

ਪੁੱਤਰ ਦੀ ਯਾਦ ‘ਚ ਰੋ-ਰੋ ਕੇ ਅੱਖਾਂ ਦਾ ਪਾਣੀ ਸੁੱਕਾ ਚੁੱਕੀ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੀ ਮਾਂ ਜਸਵਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਦਾ ਪੁੱਤਰ ਤਾਂ ਤੁਰ ਗਿਆ, ਪਰ ਹੋਰ ਮਾਵਾਂ ਦੇ ਪੁੱਤਰ ਜੋ ਜਾਣੇ-ਅਣਜਾਣੇ ਇਸ ਗੁਨਾਹ ਦੀ ਦਲਦਲ ਵਿਚ ਧਸ ਚੁੱਕੇ ਹਨ ਨੂੰ ਫੜ-ਫੜ ਕੇ ਮਾਰ ਮੁਕਾਉਣ ਦੀ ਬਜਾਏ ਸਰਕਾਰ ਨੂੰ ਉਨ੍ਹਾਂ ਦੀ ਵਾਪਸੀ ਜਾਂ ਮੁੱਖ ਧਾਰਾ ਵਿਚ ਲਿਆਉਣ ਲਈ ਮੌਕਾ ਦੇਣਾ ਚਾਹੀਦਾ ਹੈ। ਉਸ ਨੇ ਰੋਂਦਿਆਂ ਇਕ ਸੁਨੇਹਾ ਇਸ ਰਸਤੇ ‘ਤੇ ਚੱਲ ਚੁੱਕੇ ਸਾਰੇ ਨੌਜਵਾਨ ਲੜਕਿਆਂ ਨੂੰ ਦਿੱਤਾ ਕਿ ਉਹ ਆਪਣੇ ਨਹੀਂ ਬਲਕਿ ਆਪਣੇ ਮਾਪਿਆਂ ਲਈ ਘਰ ਵਾਪਸ ਪਰਤ ਆਉਣ।ਵਿੱਕੀ ਗੋਂਡਰ ਅਤੇ ਪ੍ਰੇਮਾ ਲਾਹੋਰੀਆ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਸ਼ੁਰੂ ਤੋਂ ਹੀ ਇਕੱਠੇ ਸਨ। ਜਦੋਂ ਅੱਠਵੀਂ ਬਾਅਦ ਸਪੋਰਟਸ ਦਾ ਸ਼ੌਂਕ ਰੱਖਣ ਕਾਰਨ ਵਿੱਕੀ ਗੌਂਡਰ ਸਰਾਵਾਂ ਬੋਦਲਾ ਤੋਂ ਜਲੰਧਰ ਪੜ੍ਹਨ ਗਿਆ ਤਾਂ ਉਥੇ ਹੀ ਇਸ ਦੀ ਮੁਲਾਕਾਤ ਪ੍ਰੇਮਾ ਲਾਹੋਰੀਆ ਨਾਲ ਹੋਈ। ਇੰਨ੍ਹਾਂ ਦੇ ਸਬੰਧ ਉਦੋਂ ਤੋਂ ਹੀ ਸ਼ੁਰੂ ਹੋਏ ਸਨ। ਸਾਲ 2007 ਤੋਂ ਬਾਅਦ ਵਿੱਕੀ ਗੋਂਡਰ ਘਰ ਨਹੀਂ ਪਰਤਿਆ ਸੀ। ਪ੍ਰੇਮਾ ਲਾਹੋਰੀਆ ਅਤੇ ਇਹ ਦੋਨੇ ਇਕੱਠੇ ਹੀ ਰਹੇ, ਇਕੱਠੇ ਹੀ ਪੜ੍ਹੇ, ਇਕੱਠੇ ਹੀ ਜੁਰਮ ਦੀ ਦੁਨੀਆਂ ‘ਚ ਦਾਖਲ ਹੋਏ ਅਤੇ ਪੁਲਿਸ ਮੁਕਾਬਲੇ ਦੌਰਾਨ ਵੀ ਦੋਨੋਂ ਇਕੱਠੇ ਹੀ ਮਾਰੇ ਗਏ।ਗੌਂਡਰ 2 ਭੈਣਾਂ ਮਨਜੀਤ ਕੌਰ ਰਾਣੀ ਅਤੇ ਹਰਪ੍ਰੀਤ ਕੌਰ ਦਾ ਇਕਲੌਤਾ ਭਰਾ ਅਤੇ ਮਾਪਿਆਂ ਦਾ ਲਾਡਲਾ ਪੁੱਤਰ ਸੀ। ਸਧਾਰਨ ਕਿਸਾਨ ਪਰਿਵਾਰ ਦੇ ਇਸ ਨੌਜਵਾਨ ਤੋਂ ਮਾਪਿਆਂ ਨੂੰ ਬਹੁਤ ਆਸਾਂ ਸਨ ਅਤੇ ਉਨ੍ਹਾਂ ਪਿੰਡ ਵਿਚ ਮੁੱਢਲੀ ਪੜ੍ਹਾਈ ਕਰਵਾਉਣ ਉਪਰੰਤ ਅਗਲੇਰੀ ਪੜ੍ਹਾਈ ਲਈ ਜਲੰਧਰ ਦੇ ਸਪੋਰਟਸ ਸਕੂਲ ਵਿਚ ਭੇਜ ਦਿੱਤਾ, ਜਿੱਥੋਂ ਉਹ ਕਦੇ ਮੁੜ ਕੇ ਘਰ ਵਾਪਸ ਨਾ ਆ ਸਕਿਆ। ਘਰ ਵਾਲਿਆਂ ਨੇ ਦੱਸਿਆ ਕਿ ਵਿੱਕੀ ਪੜ੍ਹਾਈ ਵਿਚ ਤਾਂ ਹੁਸ਼ਿਆਰ ਸੀ ਹੀ, ਪਿੰਡ ਦੇ ਕੰਮ ਵੀ ਮੂਹਰੇ ਹੋ ਕੇ ਕਰਦਾ ਸੀ। ਇਸ ਸਾਰੀ ਘਟਨਾ ਨਾਲ ਪਿੰਡ ਵਾਸੀ ਵੀ ਹੈਰਾਨ ਹਨ।ਵਿੱਕੀ ਦੀ ਇਕ ਭੈਣ ਮਨਜੀਤ ਕੌਰ ਦੀ ਕਰੀਬ 6 ਸਾਲ ਪਹਿਲਾਂ ਸ਼ਾਦੀ ਹੋਈ ਸੀ ਅਤੇ ਉਸ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚੋਂ ਲੜਕੀ ਜਿਸ ਦੀ ਉਮਰ ਕਰੀਬ 3 ਸਾਲ ਹੈ, ਉਹ ਆਪਣੀ ਨਾਨੀ ਜਸਵਿੰਦਰ ਕੌਰ ਕੋਲ ਹੀ ਰਹਿੰਦੀ ਹੈ ਅਤੇ ਜਸਵਿੰਦਰ ਕੌਰ ਉਸ ਨੂੰ ਸਵੇਰ ਤੋਂ ਹੀ ਬੁੱਕਲ ਵਿਚ ਬਿਠਾ ਕੇ ਰੋ ਰਹੀ ਸੀ। ਦੂਜੀ ਭੈਣ ਹਰਪ੍ਰੀਤ ਕੌਰ ਦੀ ਅਜੇ ਸ਼ਾਦੀ ਨਹੀਂ ਹੋਈ ਅਤੇ ਉਸ ਦੇ ਵਿਆਹ ਵਿਚ ਸ਼ਾਮਲ ਹੋਣਾ ਭਰਾ ਦੇ ਭਾਗਾਂ ਵਿਚ ਨਹੀਂ ਸੀ।