ਵਿੱਕੀ ਗੌਂਡਰ ਦੇ ਮਾਰੇ ਜਾਣ ਦੇ ਬਾਅਦ ਗੈਂਗਸਟਰਾਂ ਬਾਰੇ ਚਰਚਾ ਇੱਕ ਵਾਰ ਫੇਰ ਤੇਜ਼

ਵਿੱਕੀ ਗੌਂਡਰ ਦੇ ਮਾਰੇ ਜਾਣ ਦੇ ਬਾਅਦ ਗੈਂਗਸਟਰਾਂ ਬਾਰੇ ਚਰਚਾ ਇੱਕ ਵਾਰ ਫੇਰ ਤੇਜ਼ ਹੋ ਗਈ ਹੈ। ਕੋਈ ਸੱਜਣ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਗੈਂਗਸਟਰ ਬਣਦੇ ਕਿਵੇਂ ਹਨ ਅਤੇ ਕੋਈ ਉਹਨਾਂ ਨੂੰ ਸਿਆਸਤਦਾਨਾਂ ਦੀ ਪੈਦਾਇਸ਼ ਦੱਸ ਰਿਹਾ ਹੈ। ਦਰਅਸਲ 1947 ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਨੇ ਕੁੱਝ ਅਜਿਹੇ ਜਜ਼ਬਾਤੀ ਕਿਸਮ ਦੇ ਮੁੰਡਿਆਂ ਨੂੰ ਸਿਆਸੀ ਤੇ ਪੁਲਿਸੀਆ ਹੱਲਾ ਸ਼ੇਰੀ ਦਿੱਤੀ ਜਿਸ ਤੋਂ ਸ਼ਬਦ ‘ਬਦਮਾਸ਼’ ਦੇ ਅਰਥ ਬਦਲ ਗਏ ਸਨ। ਬਾਅਦ ‘ਚ ਕੈਰੋਂ ਆਪ ਵੀ ਉਸੇ ਜੁਗਤੀ ਦਾ ਸ਼ਿਕਾਰ ਹੋ ਗਿਆ
ਪੰਜਾਬ ‘ਚ ਜੁਝਾਰੂਵਾਦ ਤੋਂ ਬਾਅਦ ਬਾਲੀਵੱੁਡ ਦੀਆਂ ਇੱਕ ਦੇ ਬਾਅਦ ਇੱਕ ਕਈ ਫਿਲਮਾਂ ਰੀਲੀਜ ਹੋਈਆਂ। ਜਿਹਨਾਂ ਨੇ ਮੁੰਡਿਆਂ ‘ਤੇ ਮਾਨਸਿਕ ਅਸਰ ਪਾਇਆ। ‘ਸਤਿੱਆ’ ਅਤੇ ‘ਯੁਵਾ’ ਫਿਲਮਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂਕਿ ਬੰਬਈ ਮਹਾਂਨਗਰ ਦੇ ਵਾਤਾਵਰਣ ‘ਤੇ ਭਾਵੇਂ ਅਜਿਹੀ ਜ਼ਿੰਦਗੀ ਦਾ ਚਿਰੋਕਣਾ ਅਸਰ ਸੀ ਪਰ ਇਹਨਾਂ ਫਿਲਮਾਂ ਨੇ ਪਹਿਲਾਂ ਨੌਜਵਾਨ ਵਰਗ ਨੂੰ ਖ਼ਾਸਾ ਅਸਰ ਅੰਦਾਜ਼ ਕੀਤਾ। ਪੰਜਾਬ ‘ਤੇ ਫਿਲਮਾਂ ਦਾ ਅਸਰ ਘੱਟ ਪੈਂਦਾ ਹੈ ਪਰ ਮੁੰਡੇ ਫ਼ਿਲਮੀ
ਤੌਰ ਤਰੀਕੇ ਅਪਣਾ ਜ਼ਰੂਰ ਲੈਂਦੇ ਹਨ, ਮਸਲਨ ਹਥਿਆਰ ਰੱਖਣਾ ਆਦਿ। ਅਸਲ ‘ਚ ਵੱਡਾ ਕਾਰਨ ਪੰਜਾਬੀ ਸੁਭਾਅ ਅਤੇ ਆਬੋ-ਹਵਾ ਹੈ। ਨਕਸਲਬਾੜੀ ਲਹਿਰ ਤੇ ਸਿੱਖ ਜੱਦੋ-ਜਹਿਦ ਇਸ ਦੀਆਂ ਮਿਸਾਲਾਂ ਹਨ। ਜੇ ਪੰਜਾਬ ਦੇ ਮੁੰਡਿਆਂ ਦੇ ਸੁਭਾਅ ‘ਚ ਤੇਜ਼ੀ ਤੇ ਤਿੱਖਾਪਣ ਦੇਖਣਾ ਹੋਵੇ ਤਾਂ ਉਹਨਾ ਦੇ ਖ਼ੂਨ ਨੂੰ ਉਤੇਜਿਤ ਕਰਨ ਵਾਲਾ ਕੋਈ ਇੱਕ ਅਜਿਹਾ ਕਾਰਨ ਹੋਣਾ ਚਾਹੀਦਾ ਹੈ।
ਸਿੱਖ ਜਦੋਂ ਜਹਿਦ ਦੌਰਾਨ ਜਿਸ ਵੇਲੇ ਕੇਂਦਰ ਸਰਕਾਰ ਖਾੜਕੂ ਧਿਰਾਂ ਨਾਲ ਗੱਲ ਕਰ ਰਹੀ ਸੀ ਤਾਂ ਖੂਫੀਆ ਤੰਤਰ ਪੰਜਾਬ ਦੇ ਉਹਨਾਂ ਮੁੰਡਿਆਂ ਨੂੰ ਚੁਣ ਚੁਣ ਕੇ ਖਾੜਕੂਆਂ ਖ਼ਿਲਾਫ਼ ਜੰਗ ‘ਚ ਢਾਲ ਬਣਾ ਕੇ ਵਰਤਣ ਲਈ ਤਿਆਰ ਕਰ ਰਿਹਾ ਸੀ ਜਿਹੜੇ ਛੋਟੇ ਮੋਟੇ ਫ਼ੌਜਦਾਰੀ ਮਾਮਲਿਆਂ ‘ਚ ਜੇਲ੍ਹ ਗਏ ਸਨ। ਸੋ ਬਰਾਬਰ ਦੀ ਟੱਕਰ ਦੇਣ ਲਈ ਹਥਿਆਰ ਤੇ ਪੈਸਾ ਵੰਡਿਆ ਗਿਆ। ਮੁੰਡੇ ਸਨ ਸਾਰੇ ਪੰਜਾਬ ਦੇ ਜੰਮੇ ਹੀ। ਆਮ ਪੁਲਿਸ ਮੁਲਾਜਮਾਂ ਨੇ ਤਾਂ ਤਸ਼ੱਦਦ ਕਰਨ ‘ਚ ਹਿੱਟਲਰ ਨੂੰ ਆਪਣੇ ਮੁਕਾਬਲੇ ‘ਤੇ ਰੱਖਿਆ ਪਰ ਇਸ ਬਾਰੇ ਪੰਜਾਬ ਪੁਲਿਸ ਦੇ ਸੂਝਵਾਨ ਸਮਝੇ ਜਾਂਦੇ ਅਫਸਰ ਵੀ ਚੁੱਪ ਰਹੇ। ਕੇਂਦਰ ਦੇ ਦਬਾਅ ਨੇ ਉਂਨਾਂ ਨੂੰ ਕੁਸਕਣ ਨਾ ਦਿੱਤਾ। ਖਾੜਕੂ ਤੇ ਗੈਂਗਸਟਰ ਬਣਨ ਲਈ ਪੁਲਿਸ ਤਸ਼ੱਦਦ ਦੂਜਾ ਵੱਡਾ ਕਾਰਨ ਹੈ ਸਿੱਖ ਲੀਡਰਸ਼ਿੱਪ ਅਤੇ ਗੁਰਦੁਆਰਾ ਪਰਬੰਧ।
1992-93 ਦੇ ਬਾਅਦ ਅਖੌਤੀ ਸਿੱਖ ਲੀਡਰਸ਼ਿਪ ਅਤੇ ਥੋਪੀ ਹੋਈ ਸਿੱਖ ਲੀਡਰਸ਼ਿਪ ਨੇ ਸਿੱਖ ਮੁੰਡਿਆਂ ਨੂੰ ਕੋਈ ਨਿੱਗਰ ਸੇਧ ਨਹੀਂ ਦਿੱਤੀ। ਬਲਕਿ ਸ਼੍ਰੋਮਣੀ ਕਮੇਟੀ ਤੇ ਬਾਬਿਆਂ ਨੇ ਸਿੱਖੀ ਦੇ ਮੁਹਾਂਦਰੇ ਨੂੰ ਬ੍ਰਾਹਮਣੀ ਸ਼ਕਲ ਦੇਣ ‘ਚ ਆਪਣਾ ਕਾਰਜ ਸ਼ੁਰੂ ਕਰ ਦਿੱਤਾ। ਜਿਸ ਨਾਲ ਮੁੰਡਿਆਂ ਨੇ ਸਿੱਖ ਸਭਿਆਚਾਰ ਤੋਂ ਪਾਸਾ ਵੱਟ ਆਪਣਾ ਨਵਾਂ ਸਭਿਆਚਾਰ ਸਿਰਜ ਲਿਆ। ਉਹਨਾਂ ‘ਚ ਨਸ਼ਾ-ਖੋਰੀ ਅਤੇ ਬਦਮਾਸ਼ੀ ਦੀਆਂ ਅਲਾਮਤਾਂ ਆਈਆਂ। ਗੀਤ ਸੰਗੀਤ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਮੁੰਡਿਆਂ ਦਾ ਇੱਕ ਅਜਿਹਾ ਵਰਗ ਵੀ ਸੀ ਜਿਹੜਾ ਇਸ ਸੱਭ ਕੁੱਝ ਤੋਂ ਦੁਖੀ ਸੀ। ਇਸ ਵਰਗ ਨੇ ਜਦੋਂ ਆਪਣੀ ਅਣਖ ਨੂੰ ਬਰਕਰਾਰ ਰੱਖਣ ਲਈ ਹਥਿਆਰ ਚੁੱਕੇ ਅਤੇ ਕਈ ਬਦਮਾਸ਼ਾਂ ਦਾ ਕਤਲ ਕੀਤਾ ਤਾਂ ਉਹਨਾਂ ਨੂੰ ਆਪਣੇ ਆਪੇ ‘ਚ ਨਾਇਕਾ ਵਾਲੇ ਗੁਣ ਨਜ਼ਰ ਆਏ। ਹੌਲੀ ਹੌਲੀ ਉਹਨਾਂ ਦੇ ਨਾਲ ਹਮਖਿਆਲ ਮੁੰਡੇ ਜੁੜਦੇ ਗਏ ਅਤੇ ਪੁਲਿਸ ਨੇ ਉਹਨਾਂ ਨੂੰ ਗੈਂਗਸਟਰ ਦਾ ਨਾਮ ਦੇ ਦਿੱਤਾ। ਬਾਦਲਾਂ ਦੇ ਲਗਾਤਾਰ 10 ਸਾਲਾਂ ਦੇ ਰਾਜ ‘ਚ ਵੱਡੀ ਗਿਣਤੀ ਮਾਂਵਾਂ ਨੇ ਆਪਣੇ ਲਾਲ ਸਦਾ ਲਈ ਗੁਆ ਦਿੱਤੇ।
ਅੰਬਾਲੇ ਜੇਲ੍ਹ ‘ਚ ਰਹਿਣ ਦੌਰਾਨ ਮੇਰੀ ਕੁੱਝ ਗੈਂਗਸਟਰਾਂ ਨਾਲ ਵੀ ਮੁਲਾਕਾਤ ਹੋਈ। ਇਹ ਪੰਜਾਬ ਦੇ ਗੈਂਗਸਟਰਾਂ ਨਾਲ਼ੋਂ ਵੱਖਰੇ ਸਨ ਪਰ ਕੁੱਝ ਗੱਲਾਂ ਤੇ ਆਦਤਾਂ ਸਾਂਝੀਆਂ ਸਨ। ਜਿਵੇਂ ਕਿ ਗਰੀਬ ਬੰਦੇ ਨੂੰ ਨਾ ਲੁੱਟਣਾ, ਨਾ ਕਤਲ ਕਰਨਾ। ਇਹ ਵੀ ਸਹੀ ਹੈ ਕਿ ਪੰਜਾਬ ਦੇ ਗੈਂਗਸਟਰ ਨਸ਼ਾ ਨਹੀਂ ਕਰਦੇ। ਇਹ ਮੁੰਡੇ ਕਿਸੇ ਕੁੜੀ ਨਾਲ ਪਿਆਰ ਮੁਹੱਬਤ ਤਾਂ ਕਰਦੇ ਹੋ ਸਕਦੇ ਹਨ ਪਰ ਨਾਲ ਹੀ ਬਾਕੀ ਸੱਭ ਮਾਂਵਾਂ ਭੈਣਾਂ ਹੀ ਸਮਝੀਆਂ ਜਾਂਦੀਆਂ ਹਨ। ਹਾਲੇ ਤੱਕ ਪੁਲਿਸ ਵੱਲੋਂ ਵੀ ਅਜਿਹੀ ਕੋਈ ਜਾਣਕਾਰੀ (ਭਾਵੇਂ ਬਦਨਾਮ ਕਰਨ ਲਈ ਹੀ ਕਿਉਂ ਨਾ ਹੋਵੇ) ਮੀਡੀਆ ‘ਚ ਨਹੀਂ ਦਿੱਤੀ ਗਈ ਜਿਸ ਨਾਲ ਪੰਜਾਬ ਦੇ ਗੈਂਗਸਟਰਾਂ ‘ਤੇ ਉਂਗਲ ਉੱਠਦੀ ਹੋਵੇ।
ਪੰਜਾਬ ਦੇ ਇਹਨਾਂ ਮੁੰਡਿਆਂ ਨੇ ਯੂ.ਪੀ.,ਹਰਿਆਣੇ ਤੇ ਮੱਧ ਪ੍ਰਦੇਸ਼ ਦੇ ਗੈਂਗਸਟਰਾਂ ਨਾਲ਼ੋਂ ਆਪਣਾ ਅਕਸ ਬਿਲਕੱੁਲ ਵੱਖਰਾ ਰੱਖਿਆ ਹੈ। ਜ਼ਮੀਨੀ ਝਗੜਿਆਂ ਤੋਂ ਹੋਈ ਸ਼ੁਰੂਆਤ ਆਪਸੀ ਕਤਲ, ਜੇਲ੍ਹਾਂ ਦਾ ਵਾਸਾ, ਫਰਾਰੀਆਂ ਤੇ ਫਿਰ ਫੜੇ ਜਾਣਾ ਅਤੇ ਪੁਲਿਸ ਦੇ ਝੂਠੇ ਜਾਂ ਸੱਚੇ ਮੁਕਾਬਲੇ ‘ਚ ਮਾਰਿਆ ਜਾਣਾ ਇੱਕ ਗੈਂਗਸਟਰ ਦੀ ਜ਼ਿੰਦਗੀ ਦਾ ਸਫਰ ਹੈ। ਜਿਹੜਾ ਬੰਦਾ ਇੱਕ ਵਾਰ ਹਥਿਆਰ ਚੁੱਕ ਲੈਂਦਾ ਹੈ ਉਸ ਦੀ ਜ਼ਿੰਦਗੀ ਦਾ ਕਾਊਂਟਡਾਊਨ ਸ਼ੁਰੂ ਹੋ ਜਾਂਦਾ ਹੈ। ਉਸ ਦੀ ਉਮਰ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਹੋ ਸਕਦੀ ਹੈ।
ਸਿੱਖ ਲੀਡਰਾਂ ਦਾ ਨੌਜਵਾਨਾਂ ਨੂੰ ਸੇਧ ਨਾ ਦੇਣਾ ਅਤੇ ਸਿਆਸਤਦਾਨਾਂ ਦੀ ਗੰਦੀ ਖੇਡ ਜਜ਼ਬੇ ਵਾਲੇ ਮੁੰਡਿਆਂ ਨੂੰ ਖਾਂਦੀ ਜਾ ਰਹੀ ਹੈ। ਇਸ ਦਾ ਅੰਜਾਮ ਦਿਲ ਕੰਬਾਊ ਹੋ ਸਕਦਾ ਹੈ। ਮਾਵਾਂ ਜਾਣਦੀਆਂ ਹਨ।
ਸੁਰਿੰਦਰ ਸਿੰਘ ਟਾਕਿੰਗ ਪੰਜਾਬ